ਇਹ ਦਿਨ شاہ مکھی

ਅਮਰੀਕੀ ਰਾਸ਼ਟਰਪਤੀ ਦੀ ਚੋਣ ; ਅਥੌਰਟੀ ਦੀ ਥਾਂ ਅਰਾਜਕਤਾ

ਸਾਂਡਰਾ ਸਮਿਥ

ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਹਾਲੀਆ ਚੋਣਾਂ ਅਤੇ ਇਸ ਮਸਲੇ ਨੂੰ ਹੱਲ ਕਰਨ ਲਈ ਅਮਰੀਕਾ ਦੀ ਸੁਪਰੀਮ ਕੋਰਟ ਵਲੋਂ ਆਖ਼ਰੀ ਫੈਸਲਾ ਕਰਨਾ ਸਾਬਤ ਕਰਦਾ ਹੈ ਕਿ ਇਸ ਮੁਲਕ ਦੇ ਰਾਸ਼ਟਰਪਤੀ ਦੀ ਚੋਣ ਵਿਚ ਲੋਕਾਂ ਦੀਆਂ ਪਾਈਆਂ ਵੋਟਾਂ ਕਿਸੇ ਗਿਣਤੀ ਵਿਚ ਨਹੀਂ ਆਉਂਦੀਆਂ। ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਵੀ ਉਮੀਦਵਾਰ ਵਲੋਂ ਸਪੱਸ਼ਟ ਬਹੁਮੱਤ ਨਾ ਹਾਸਲ ਕਰ ਸਕਣ ਨਾਲ ਅਮਰੀਕੀ ਲੋਕਾਂ ਨੂੰ ਵੀ ਅਤੇ ਬਾਕੀ ਸੰਸਾਰ ਦੇ ਲੋਕਾਂ ਨੂੰ ਵੀ ਚਾਨਣ ਹੋ ਗਿਆ ਹੈ ਕਿ ਅਮਰੀਕਾ ਦਾ ਲੋਕਰਾਜ "ਲੋਕਾਂ ਦੀ ਇਛਾ" ਉਤੇ ਅਧਾਰਤ ਨਹੀਂ।

ਵੈਸੇ ਇਹ ਕੋਈ ਨਵੀਂ ਗੱਲ ਵੀ ਨਹੀਂ ਹੋਈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਲੋਕਾਂ ਦੀਆਂ ਵੋਟਾਂ ਕਿਸੇ ਗਿਣਤੀ ਵਿਚ ਨਹੀਂ ਆਈਆਂ। ਅਮਰੀਕਾ ਦੀ ਚੋਣ ਪ੍ਰਣਾਲੀ ਹੀ ਇਸ ਤਰ੍ਹਾਂ ਦੀ ਹੈ ਕਿ ਰਾਸ਼ਟਰਪਤੀ ਨੂੰ ਚੁਣਨ ਦਾ ਅਸਲੀ ਹੱਕ ਸਟੇਟਾਂ ਵਲੋਂ ਨਾਮਜ਼ਦ ਕੀਤੇ ਗਏ ਹੋਏ ਚੋਣ-ਕਾਲਜ (ਇਲੈਕਟੋਰਲ ਕਾਲਜ) ਦੇ ਹੱਥਾਂ ਵਿਚ ਹੈ। ਇਹ ਚੋਣ-ਕਾਲਜ ਹੀ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨੂੰ ਚੁਣਦਾ ਹੈ ਤੇ ਫਿਰ ਮੁਲਕ ਦੀ ਕਾਂਗਰਸ ਇਸਦੀ ਪੁਸ਼ਟੀ ਕਰਦੀ ਹੈ। ਲੇਕਿਨ ਫੇਰ ਵੀ ਅਮਰੀਕਾ ਹਮੇਸ਼ਾਂ ਇਹ ਦਾਅਵਾ ਕਰਦਾ ਆਇਆ ਹੈ ਕਿ ਇਥੇ ਦਾ ਸ਼ਾਸਨ "ਲੋਕਾਂ ਦੀ ਇਛਾ" ਮੁਤਾਬਿਕ ਚਲਦਾ ਹੈ ਜਿਸਦੀ ਚੋਣ ਲੋਕ ਆਪਣੀਆਂ ਵੋਟਾਂ ਰਾਹੀਂ ਕਰਦੇ ਹਨ। ਪਰ ਇਹ ਹਕੀਕਤ ਵੀ ਲ਼ੁਕਾਈ ਨਹੀਂ ਜਾ ਸਕਦੀ ਕਿ ਇਸ ਵਾਰੀ ਇਹ ਫੈਸਲਾ ਅਖੀਰ ਵਿਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਹੀ ਕੀਤਾ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ। ਇਸ ਹਕੀਕਤ ਦੀ ਅਹਿਮੀਅਤ ਕੀ ਨਿਕਲੇਗੀ?

ਸੁਪਰੀਮ ਕੋਰਟ ਨੇ ਜਾਰਜ ਡਬਲਿਊ ਬੁਸ਼ ਨੂੰ ਜੇਤੂ ਕਰਾਰ ਦੇ ਦਿੱਤਾ ਹਾਲਾਂਕਿ ਸਪੱਸ਼ਟ ਸੀ ਕਿ ਜੇ ਸਾਰੀਆਂ ਵੋਟਾਂ ਗਿਣੀਆਂ ਜਾਂਦੀਆਂ ਤਾਂ ਉਸਨੂੰ ਨਾ ਫਲੋਰਿਡਾ ਵਿਚ ਨਾ ਹੀ ਮੁਲਕ ਭਰ ਵਿਚ ਬਹੁ ਗਿਣਤੀ ਵੋਟਾਂ ਪਈਆਂ। ਇਸਤੋਂ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ "ਲੋਕਾਂ ਦੀ ਇਛਾ" ਅਨੁਸਾਰ ਬਿਲਕੁਲ ਨਹੀਂ ਚੁਣਿਆਂ ਗਿਆ। ਉਸ ਨੂੰ ਚੁਣਨ ਵਾਲੇ ਅਮਰੀਕਾ ਦੇ ਹਾਕਮ ਦਾਇਰੇ ਹਨ ਜਿਨ੍ਹਾਂ ਦੀ ਬਣਾਈ ਹੋਈ ਚੋਣ ਪਰਣਾਲੀ ਵਿਚ ਲੋਕਾਂ ਦੀਆਂ ਵੋਟਾਂ ਕੋਈ ਕੀਮਤ ਨਹੀਂ।

ਇਸਤੋਂ ਅਸੀਂ ਇਹ ਸਿਟਾ ਕੱਢ ਸਕਦੇ ਹਾਂ ਕਿ ਅਮਰੀਕੀ ਸਾਮਰਾਜੀ ਹਾਕਮ ਤਬਕਾ ਸਮਝਦਾ ਹੈ ਕਿ ਇਸ ਵੇਲੇ ਬੁਸ਼ ਨੂੰ ਰਾਸ਼ਟਰਪਤੀ ਬਣਾਉਣਾਂ ਉਨ੍ਹਾਂ ਲਈ ਗੋਰ ਨੂੰ ਰਾਸ਼ਟਰਪਤੀ ਬਣਾਉਣ ਨਾਲੋਂ ਜ਼ਿਆਦਾ ਫ਼ਾਇਦੇਮੰਦ ਰਹੇਗਾ। ਇਸਤੋਂ ਵੀ ਵੱਧ ਅਹਿਮੀਅਤ ਵਾਲੀ ਚੀਜ਼ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਲਈ ਇਸ ਚੋਣ ਨੇ ਸਾਬਤ ਕਰ ਦਿਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਅਸੀਮ ਸ਼ਕਤੀ ਅਤੇ ਅਮਰੀਕੀ ਸਾਮਰਾਜ ਦੀ ਤਾਨਾਸ਼ਾਹੀ ਦਾ ਸੋਮਾਂ ਅਮਰੀਕਾ ਦੇ "ਲੋਕਾਂ ਦੀ ਇਛਾ" ਬਿਲਕੁਲ ਨਹੀਂ ਹੈ।

7 ਨਵੰਬਰ 2000 ਨੂੰ ਪਈਆਂ ਵੋਟਾਂ ਤੋਂ ਲੈਕੇ 12 ਦਸੰਬਰ ਨੂੰ ਸੁਪਰੀਮ ਕੋਰਟ ਵਲੋਂ ਰਾਸ਼ਟਰਪਤੀ ਅਹੁਦੇ ਦੇ ਜੇਤੂ ਉਮੀਦਵਾਰ ਦਾ ਫੈਸਲਾ ਕਰਨ ਤੱਕ ਅਮਰੀਕਾ ਅਤੇ ਬਾਕੀ ਸੰਸਾਰ ਦੇ ਲੋਕਾਂ ਨੂੰ ਇਹ ਨਾਟਕ ਵੇਖਣ ਲਈ ਮਜਬੂਰ ਕੀਤਾ ਗਿਆ ਜਿਸਦਾ ਦਾਅਵਾ ਸੀ ਕਿ "ਹਰੇਕ ਵੋਟ ਦਾ ਮੁਲ ਹੈ"। ਇਸ ਦਾਅਵੇ ਨੂੰ ਡੈਮੋਕਰੇਟਾਂ ਨੇ ਵੀ ਚੈਲ਼ਿੰਜ ਨਹੀਂ ਕੀਤਾ ਤੇ ਰੀਪਬਲਿਕਨਾਂ ਨੇ ਵੀ ਨਹੀਂ। ਲੋਕਾਂ ਦੀਆਂ ਪਾਈਆਂ ਸਾਰੀਆਂ ਵੋਟਾਂ ਨੂੰ ਗਿਣਤੀ ਵਿਚ ਲਿਆਉਣ ਦਾ ਮਸਲਾ ਦੋਹਾਂ ਕੈਪਾਂ ਵਿਚ ਲੜਾਈ ਦਾ ਅਧਾਰ ਬਣਾ ਗਿਆ ਜਿਸ ਅਨੁਸਾਰ ਅਲ ਗੋਰ ਕੈਂਪ ਦਾ ਨਾਅਰਾ ਸੀ ਕਿ " ਸਾਰੀਆਂ ਵੋਟਾਂ ਦਾ ਮੁਲ ਹੈ; ਸਾਰੀਆਂ ਵੋਟਾਂ ਗਿਣੋਂ "। ਬੁਸ਼ ਕੈਂਪ ਵਾਲਿਆਂ ਨੇ ਨਾਅਰਾ ਲਾਇਆ ਕਿ "ਸਾਰੀਆਂ ਵੋਟਾਂ ਦਾ ਮੁਲ ਹੈ; ਸਾਰੀਆਂ ਵੋਟਾਂ ਗਿਣ ਹੋ ਗਈਆਂ ਹਨ" ਤੇ ਬੁਸ਼ ਜਿਤ ਗਿਆ ਹੈ। ਮਾਹਰ ਸਿਆਸੀ ਪੰਡਤਾਂ ਦੀ ਦਲੀਲ ਸੀ ਕਿ "ਅਸਲੀਅਤ" ਅਲ ਗੋਰ ਦੇ ਹੱਕ ਵਿਚ ਹੈ ਪਰ "ਕਾਨੂੰਨ" ਜਾਰਜ ਬੁਸ਼ ਦੇ ਹੱਕ ਵਿਚ ਹੈ। ਦਰਅਸਲ, ਅਮਰੀਕਾ ਦੀ ਚੋਣ ਪਰਣਾਲੀ ਦਾ ਅਧਾਰ ਹਰੇਕ ਵੋਟ ਨੂੰ ਗਿਣਤੀ ਵਿਚ ਲਿਆਉਣ ਉਤੇ ਨਹੀਂ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਇਹ ਗੱਲ ਬਿਲਕੁਲ ਸਾਬਤ ਵੀ ਕਰ ਦਿਤੀ ਹੈ।

ਵਿਆਪਕ ਮੱਤਦਾਨ ਦੇ ਲਬਾਦੇ ਨੂੰ ਲਾਹਕੇ, ਜਿਸ ਵਿਚ ਹੁਣ ਤੱਕ ਅਮਰੀਕਾ ਦੇ ਹਾਕਮ ਦਾਇਰੇ ਆਪਣੀ ਤਾਨਾਸ਼ਾਹੀ ਨੂੰ ਲ਼ੁਕਾਈ ਰੱਖਦੇ ਰਹੇ ਹਨ, ਹੁਣ ਨੰਗੇ ਹੋਕੇ ਐਲਾਨ ਕਰ ਰਹੇ ਹਨ: "ਹੁਣ ਤੱਕ ਤਾਂ ਅਸੀਂ ਆਪਣੀ ਤਾਨਸ਼ਾਹੀ ਲੋਕਾਂ ਦੀ ਇਛਾ ਦੇ ਪਰਦੇ ਪਿਛੇ ਚਲਾਈ ਹੈ; ਹੁਣ ਲੋਕਾਂ ਦੀ ਇਛਾ ਦੇ ਖ਼ਿਲਾਫ਼ ਚਲਕੇ ਇਸ ਨੂੰ ਹੋਰ ਮਜ਼ਬੂਤ ਕਰਾਂਗੇ"।

ਇਹ ਐਵੇਂ ਹੀ ਨਹੀਂ ਕਿ ਪਰਧਾਨਗੀ ਦਾ ਅਹੁਦਾ ਕਬੂਲ ਕਰਦੇ ਸਮੇਂ ਜਾਰਜ .ਡਬਲਿ੍ਯੂ ਬੁਸ਼ ਨੇ ਸਿਵਲ ਵਾਰ ਤੋਂ ਪਹਿਲਾਂ ਦੇ ਇਕ ਰਾਸ਼ਟਰਪਤੀ ਅਬਰਾਹਮ ਲ਼ਿੰਕਨ ਦਾ ਹਵਾਲਾ ਦਿੰਦੇ ਹੋਏ ਕਿਹਾ, "ਸਾਡੀ ਕੌਮ ਨੂੰ ਆਪਣੀ ਘਰੇਲ਼ੂ ਫੁਟ ਤੋਂ ਉਪਰ ਉਠਣਾ ਚਾਹੀਦਾ ਹੈ"। ਅਬਾਰਹਮ ਲ਼ਿੰਕਨ ਨੇ ਇਹ ਗੱਲ ਉਸ ਵੇਲੇ ਦੱਖਣੀ ਸਟੇਟਾਂ ਨੂੰ ਸੰਬੋਧਨ ਕਰਦਿਆਂ ਕਹੀ ਸੀ। ਇਸਤੋਂ ਦੋ ਸਾਲ ਮਗਰੋਂ ਦੱਖਣੀ ਸਟੇਟਾਂ ਨੇ ਮੁਲਕ ਨਾਲੋਂ ਅਲਿਹਦਾ ਹੋਕੇ ਰਿਪਬਲਿਕ ਦੀ ਤਾਕਤ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਸਦੇ ਬਾਅਦ ਜੋ ਹੋਇਆ ਉਹ ਸਾਨੂੰ ਸਿਵਲ ਵਾਰ ਦਾ ਇਤਹਾਸ ਦੱਸਦਾ ਹੈ। ਇਸੇ ਤਰ੍ਹਾਂ ਜੇ ਅਸੀਂ ਇਹ ਗੱਲ ਚੇਤੇ ਰੱਖੀਏ ਕਿ ਅਮਰੀਕਾ ਦੀ ਚੋਣ ਪਰਣਾਲੀ ਅਨੁਸਾਰ ਰਾਸ਼ਟਰਪਤੀ ਦੀ ਚੋਣ ਇਲੈਕਟੋਰਲ ਕਾਲਜ ਕਰਦਾ ਹੈ ਤਾਂ ਸਪੱਸ਼ਟ ਹੈ ਕਿ ਜਦੋਂ ਅਲ ਗੋਰ ਨੇ ਸਾਰੀਆਂ ਵੋਟਾਂ ਨੂੰ ਗਿਣਤੀ ਵਿਚ ਲਿਆਉਣ ਦੀ ਮੰਗ ਕੀਤੀ ਤਾਂ ਉਹ ਵੀ ਰਾਸ਼ਟਰਪਤੀ ਦਾ ਅਹੁਦਾ ਹਥਿਆਉਣ ਦੀ ਹੀ ਕੋਸ਼ਿਸ਼ ਕਰ ਰਿਹਾ ਸੀ।

ਜਿਸ ਵੇਲੇ ਗੋਰ ਮੰਨ ਗਿਆ ਕਿ ਬੁਸ਼ ਰਾਸ਼ਰਪਤੀ ਚੁਣ ਹੋ ਗਿਆ ਹੈ ਤਾਂ ਉਸਨੇ ਕਿਹਾ ਕਿ ਉਹ " ਇਸ ਗੱਲ ਵਿਚ ਉਸਦੀ (ਬੁਸ਼ ਦੀ) ਮੱਦਦ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰੇਗਾ ਕਿ ਅਮਰੀਕੀ ਲੋਕ ਉਸ ਨਜ਼ਰੀਏ ਪਿਛੇ ਲਾਮਬੰਦ ਹੋਣ ਜਿਸਦੀ ਰਾਖੀ ਅਜ਼ਾਦੀ ਦੀ ਘੋਸ਼ਣਾਂ ਅਤੇ ਸਾਡਾ ਸੰਵਿਧਾਨ ਕਰਦਾ ਹੈ।" ਅਜ਼ਾਦੀ ਦੀ ਘੋਸ਼ਣਾਂ ਅਤੇ ਅਮਰੀਕਾ ਦਾ ਸੰਵਿਧਾਨ ਕਿਸ ਨਜ਼ਰੀਏ ਦੀ ਰਾਖੀ ਅਤੇ ਪ੍ਰੋੜਤਾ ਕਰਦਾ ਹੈ? ਸੰਵਿਧਾਨ ਇਸ ਨਜ਼ਰੀਏ ਦੀ ਰਾਖੀ ਤੇ ਪ੍ਰੋੜਤਾ ਕਰਦਾ ਹੈ ਕਿ ਸਟੇਟ ਜਾਇਦਾਦ ਦੇ ਮਾਲਕਾਂ ਦੇ ਹੱਕਾਂ ਦੀ ਰਾਖੀ ਕਰੇ ਤੇ ਜਾਇਦਾਦ ਦੇ ਮਾਲਕਾਂ ਦੀ ਖ਼ੁਸ਼ਹਾਲੀ ਲਈ ਸਹੂਲਤਾਂ ਮੁਹੱਈਆ ਕਰੇ। ਜਾਇਦਾਦ ਵਾਲਿਆਂ ਦੇ ਹੱਕਾਂ ਦੀ ਰਾਖੀ ਦੇ ਇਸ ਮੰਤਵ ਨੂੰ ਹਾਸਲ ਕਰਨ ਲਈ ਅਮਰੀਕਾ ਦੀ ਸਟੇਟ ਬਣਾਈ ਗਈ ਸੀ ਤੇ ਅਮਰੀਕਾ ਦਾ ਸੰਵਿਧਾਨ ਇਸੇ ਨਜ਼ਰੀਏ ਦੀ ਰਾਖੀ ਕਰਦਾ ਹੋਇਆ ਜਾਇਦਾਦਾਂ ਦੇ ਮਾਲਕਾਂ ਨੂੰ ਅੰਦਰੂਨੀ ਤੇ ਬਾਹਰਲੀ ਸੁਰੱਖਿਆ ਮੱਹੱਈਆ ਕਰਦਾ ਹੈ ਤਾਂਕਿ ਉਹ ਆਪਣਾਂ "ਅਮੈਰਿਕਨ ਡਰੀਮ" ਪੂਰਾ ਕਰ ਸਕਣ।

ਲੇਕਿਨ ਦਿਲਚਸਪੀ ਵਾਲੀ ਗੱਲ ਇਹ ਕਿ ਅਲ ਗੋਰ ਨੇ ਵੀ ਸਿਵਲ ਵਾਰ ਤੋਂ ਪਹਿਲਾਂ ਦੀ ਇਕ ਅਪੀਲ ਦੁਹਰਾਉਂਦੇ ਹੋਏ ਲੋਕਾਂ ਨੂੰ ਕਿਹਾ , "ਸਾਡੇ ਵਿਚਕਾਰ ਮੱਤਭੇਦ ਏਨੇ ਨਹੀਂ ਜਿਨੀਆਂ ਸਾਂਝੀਆਂ ਗੱਲਾਂ ਹਨ"। ਲੇਕਿਨ, ਅਮਰੀਕਾ ਦੇ ਹਾਕਮ ਤਬਕੇ ਨੂੰ ਭੁਲਣਾਂ ਨਹੀਂ ਚਾਹੀਦਾ ਕਿ ਸਿਵਲ ਵਾਰ ਤੋਂ ਪਹਿਲਾਂ ਕੀਤੀਆਂ ਗਈਆਂ ਇਸ ਤਰ੍ਹਾਂ ਦੀਆਂ ਅਪੀਲਾਂ ਸਿਵਲ ਵਾਰ ਨੂੰ ਰੋਕ ਨਹੀਂ ਸੀ ਸਕੀਆਂ। ਹੁਣ ਦੇ ਅਮਰੀਕੀ ਆਗੂ ਵੀ ਆਪਣੇ ਪੂਰਵਜਾਂ ਵਾਂਗ ਹੀ ਅਮਰੀਕੀ ਲੋਕਾਂ ਨੂੰ ਧਮਕਾ ਰਹੇ ਹਨ ਕਿ ਰੀਪਬਲਿਕ ਦੇ ਆਖੇ ਲੱਗਣ ਨਹੀਂ ਤਾਂ ਬੁਰੀ ਹੋਵੇਗੀ।

ਇਸੇ ਕਰਕੇ ਚੋਣ ਨਾਟਕ ਖ਼ਤਮ ਹੋਣ ਬਾਅਦ ਅਮਰੀਕਾ ਦਲੀਲਾਂ ਦੇ ਰਿਹਾ ਹੈ ਕਿ ਇਸਨੂੰ ਆਪਣੀ ਚੌਧਰ ਦਾ ਅਧਾਰ ਵਿਆਪਕ ਮੱਤਦਾਨ ਦੀ ਥਾਂ ਹੁਣ ਕਿਸੇ ਹੋਰ ਚੀਜ਼ ਨੂੰ ਬਣਾਉਣਾ ਪੈਣਾਂ ਹੈ।

ਪਹਿਲਾਂ, ਅਮਰੀਕਾ ਦੇ ਸੰਵਿਧਾਨ ਦਾ ਅਰਥ ਇਹ ਸੀ ਕਿ ਅਮਰੀਕਾ ਵਿਚਲਾ ਬੁਰਜੂਆ ਰਾਜ ਵਿਆਪਕ ਮਤਦਾਨ ਰਾਹੀਂ ਪਰਗਟਾਈ ਗਈ ਲੋਕਾਂ ਦੀ ਸਰਬਉਚ ਇਛਾ ਦਾ ਇਜ਼ਹਾਰ ਹੈ। ਪਰ ਹੁਣ ਕਿਉਂਕਿ ਸਾਰਿਆਂ ਨੂੰ ਚਾਨਣ ਹੋ ਗਿਆ ਹੈ ਕਿ ਬੁਰਜੂਆ ਰਾਜ ਇਸ ਵਿਆਪਕ ਮਤਦਾਨ, ਇਸ ਲੋਕ-ਇਛਾ ਦੇ ਆਸਰੇ ਨਹੀਂ ਰਿਹਾ ਤਾਂ ਸਵਾਲ ਉਠਦਾ ਹੈ ਕਿ ਅਮਰੀਕਾ ਦੇ ਸੰਵਿਧਾਨ ਦਾ ਹੁਣ ਅਰਥ ਕੀ ਹੈ? ਇਸ ਸਵਾਲ ਦਾ ਜਵਾਬ ਬੁਸ਼ ਦੀ ਪਰਧਾਨਗੀ ਦੀ ਕਾਰਗੁਜ਼ਾਰੀ ਦੇਵੇਗੀ।

ਵਿਆਪਕ ਮਤਦਾਨ ਦੇ ਆਸਰੇ ਅਮਰੀਕੀ ਰਾਜ ਨੂੰ ਮਿਲੀ ਹੋਈ ਸਥਿਰਤਾ ਹੁਣ ਖ਼ਤਮ ਹੋ ਹਈ ਹੈ। ਵਿਆਪਕ ਮੱਤਦਾਨ ਦੇ ਜ਼ੋਰ ਤੇ ਬਣਾਈ ਗਈ ਐਗਜ਼ੈਕਟਿਵ ਸਟੇਟ ਪਾਵਰ ਅਮਰੀਕੀ ਸਟੇਟ ਦੀ ਅੰਦਰਲੀ ਤੇ ਬਾਹਰਲੀ ਸੁਰੱਖਿਆ ਦਾ ਸੋਮਾ ਸੀ। ਹੁਣ ਇਹ ਖ਼ੁਸ਼ਫਹਿਮੀ ਖ਼ਤਮ ਹੋ ਗਈ ਹੈ। ਇਸਦਾ ਮਤਲਬ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਦਾ ਅਸਲੀ ਨਤੀਜਾ ਹਾਲੇ ਨਿਕਲਣਾ ਹੈ ਕਿਉਂਕਿ ਸਦਾ ਹੀ "ਮੌਜੂਦਾ ਸਟੇਟ ਪਾਵਰ ਖ਼ਤਮ ਹੋਕੇ ਇਕ ਨਵੀਂ ਸਟੇਟ ਪਾਵਰ ਨੂੰ ਪੈਦਾ ਕਰਦੀ ਹੈ"। ਜੇ ਅਮਰੀਕਾ ਦੀ ਇਸ ਸਟੇਟ ਪਾਵਰ ਦਾ ਅਧਾਰ ਵਿਆਪਕ ਮਤਦਾਨ ਨਹੀਂ ਰਿਹਾ ਤਾਂ ਕੀ ਹੋਵੇਗਾ?

ਇਕ ਗੱਲ ਪੱਕੀ ਹੈ। ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਸੁਪਰੀਮ ਕੋਰਟ ਦਾ ਆਖ਼ਰੀ ਫ਼ੈਸਲਾ ਕਰਨਾ ਰਾਸ਼ਟਰਪਤੀ ਦੇ ਅਹੁਦੇ ਦੀ ਪਹਿਲਾਂ ਵਾਲੀ ਅਥੌਰਟੀ ਨੂੰ ਖ਼ਤਮ ਕਰ ਗਿਆ ਹੈ ਤੇ ਅਥੌਰਟੀ ਦੀ ਥਾਂ ਅਰਾਜਕਤਾ ਵਲੋਂ ਲੈ ਲੈਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਬੁਸ਼ ਹਕੂਮਤ ਆਪਣੇ ਆਪ ਨੂੰ ਜੋ ਅਧਿਕਾਰ ਦੇ ਰਹੀ ਹੈ ਇਸਤੋਂ ਪਤਾ ਲਗਦਾ ਹੈ ਕਿ ਆਪਣੀ ਧੌਂਸ ਜਮਾਉਣ ਦੀ ਲਾਲਸਾ ਕਰਕੇ ਅਮਰੀਕੀ ਸਾਮਰਾਜ ਸੁਸਾਇਟੀ ਅਤੇ ਇਤਹਾਸ ਦੇ ਕਾਨੂੰਨਾਂ ਤੋਂ ਬਾਹਰਾ ਹੋ ਕੇ ਹੋਰ ਵੀ ਵੱਡੀਆਂ ਮਾਅਰਕੇਬਾਜ਼ੀਆਂ ਲਈ ਤਿਆਰੀਆਂ ਕਰ ਰਿਹਾ ਹੈ। ਇਹ ਸਾਰੇ ਸੰਸਾਰ ਨੂੰ ਡਰਾਵੇ ਦੇ ਰਿਹਾ ਹੈ ਕਿ ਕੌਮਾਂ ਦੇ ਆਪਸੀ ਮਸਲਿਆਂ ਵਿਚ ਟੰਗ ਅੜਾਉਣ ਲਈ ਇਹ ਕਿਥੋਂ ਤੱਕ ਜਾ ਸਕਦਾ ਹੈ। ਜੋ ਮੁਲਕ ਜਾਂ ਲੋਕ ਅਮਰੀਕਾ ਵਲੋਂ ਪ੍ਰਚਾਰੀਆਂ ਜਾ ਰਹੀਆਂ ਕਦਰਾਂ ਕੀਮਤਾਂ ਅਤੇ "ਆਜ਼ਾਦੀ" ਨੂੰ ਨਹੀਂ ਮੰਨਦੇ ਉਨ੍ਹਾਂ ਦਾ ਘਾਣ ਕਰਨ ਦੇ ਡਰਾਵੇ ਦਿਤੇ ਜਾ ਰਹੇ ਹਨ। ਇਸ ਮੰਤਵ ਨੂੰ ਪੂਰਾ ਕਰਨ ਲਈ ਇਹ ਅਮਰੀਕੀ ਹਿਤਾਂ ਦੀਆਂ ਨਵੀਆਂ ਪ੍ਰੀਭਾਸ਼ਾਵਾਂ ਦੇ ਕੇ ਸਾਰੇ ਸੰਸਾਰ ਦੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ ਜੇ ਇਸਦੇ ਆਖੇ ਨਾ ਲੱਗੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਅਮਰੀਕੀ ਸਾਮਰਾਜ ਦੇ ਇਨ੍ਹਾਂ ਇਰਾਦਿਆਂ ਦਾ ਐਲਾਨ ਬੁਸ਼ ਵਲੋਂ ਨਾਮਜ਼ਦ ਕੀਤੇ ਗਏ ਸੈਕਟਰੀ ਆਫ਼ ਸਟੇਟ, ਕੌਲਿਨ ਪਾਵਲ, ਨੇ 16 ਦਸੰਬਰ ਨੂੰ ਕੀਤਾ। ਆਪਣੀ ਨਾਮਜ਼ਦਗੀ ਕਬੂਲ ਕਰਦੇ ਹੋਏ ਪਾਵਲ ਨੇ ਕਿਹਾ, "ਜੇ ਤੁਸੀਂ ਇਕੀਵੀਂ ਸਦੀ ਵਿਚ ਸਫ਼ਲਤਾ ਪ੍ਰਾਪਤੀ ਕਰਨੀ ਚਾਹੁੰਦੇ ਹੋ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਲੋਕਰਾਜ ਅਤੇ ਫਰੀ ਮਾਰਕੀਟ ਇਕਾਨਮੀ ਦਾ ਰਾਹ ਫ਼ੜਨਾ ਪਵੇਗਾ ਤੇ ਇਕ ਐਸੇ ਸਿਸਟਮ ਤੇ ਚਲਣਾਂ ਪਵੇਗਾ ਜੋ ਲੋਕਾਂ ਨੂੰ ਆਪਣੀ ਵਿਅਕਤਗੱਤ ਖ਼ੁਆਬ ਪੂਰੇ ਕਰਨ ਦੀ ਪੂਰੀ ਆਜ਼ਾਦੀ ਦੇਵੇ। ਅਤੇ ਇਸ ਇਨਕਲਾਬ ਦੇ ਐਨ ਗੱਭੇ ਖੜਾ ਅਮਰੀਕਾ ਉਨ੍ਹਾਂ ਲੋਕਾਂ ਨੂੰ ਹੱਲਾ ਸ਼ੇਰੀ ਦੇ ਰਿਹਾ ਹੈ ਜੋ ਅਜ਼ਾਦ ਹੋਣਾਂ ਚਾਹੁੰਦੇ ਹਨ।" ਉਸਨੇ ਕਿਹਾ ਕਿ ਅਮਰੀਕਾ ਦੀ ਤਾਕਤ ਦਾ ਰਾਜ਼ "ਸਾਡੇ ਸਿਸਟਮ ਦੀ ਤਾਕਤ ਹੈ ਜੋ ਲੋਕ ਰਾਜ ਅਤੇ ਫਰੀ ਮਾਰਕਿਟ ਦਾ ਸਿਸਟਮ ਹੈ।" ਆਰਥਕ ਅਤੇ ਮਿਲਟਰੀ ਤਾਕਤ ਦਾ ਵੀ ਜ਼ਿਕਰ ਕਰਦਿਆਂ ਉਸਨੇ ਕਿਹਾ, "ਸਾਨੂੰ ਯਕੀਨੀ ਬਣਾਉਣਾਂ ਪਵੇਗਾ ਕਿ ਤਾਕਤ ਦੇ ਇਹ ਸਾਰੇ ਅੰਗ ਸੁਰੱਖਿਅਤ ਰਹਿਣ ਅਤੇ ਹੋਰ ਤਕੜੇ ਕੀਤੇ ਜਾਣ। ਸਾਰੀ ਦੁਨੀਆਂ ਵਿਚ ਸਾਡੇ ਮੁਕਾਬਲੇ ਦਾ ਹੋਰ ਕੋਈ ਨਹੀਂ। ਅਤੇ ਅਸੀਂ ਹੋਰ ਕਿਸੇ ਨੂੰ ਉਠਣ ਵੀ ਨਹੀਂ ਦੇਣਾਂ।"

ਇਸ ਇਲੈਕਸ਼ਨ ਵਿਚ ਇਕ ਹੋਰ ਬਹੁਤ ਅਹਿਮ ਤੱਤ ਇਹ ਸੀ ਕਿ ਅਮਰੀਕਾ ਵਿਚ ਇਸ ਵੇਲੇ ਤਬਦੀਲੀ ਦੀ ਲਹਿਰ ਵੀ ਉਭਰ ਰਹੀ ਹੈ। ਅਮਰੀਕਾ ਦੇ ਲੋਕ ਹੁਣ ਚੋਣ-ਸਿਸਟਮ ਨੂੰ ਘਿਰਣਾ ਕਰਨ ਲੱਗ ਪਏ ਹਨ ਕਿਉਂਕਿ ਇਸ ਅੰਦਰ ਵੋਟ ਪਾਉਣ ਦੇ ਹੱਕ ਦਾ ਅਸਲੀ ਅਰਥ ਕੋਈ ਨਹੀਂ ਰਿਹਾ। ਅਮਰੀਕੀ ਸਾਮਰਾਜੀਆਂ ਦੀ ਮੁਲਕ ਦੇ ਅੰਦਰ ਅਤੇ ਬਾਹਰ ਨਿਰਦਈ ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਲੋਕ ਹੁਣ ਅਸਲੀ ਤਬਦੀਲੀ ਦੀ ਲਹਿਰ ਉਸਾਰਨ ਦੇ ਰਾਹ ਪੈਣ ਲੱਗ ਪਏ ਹਨ। ਹਾਕਮ ਤਬਕੇ ਦੇ ਜਬਰ ਦੇ ਬਾਵਜੂਦ ਵੀ ਲੋਕ ਇਸ ਲਹਿਰ ਨੂੰ ਕੁਰਾਹੇ ਨਹੀਂ ਪੈਣ ਦੇ ਰਹੇ। ਇਹ ਲਹਿਰ ਹੁਣ ਹੋਰ ਵੀ ਅੱਗੇ ਵਧੇਗੀ ਕਿਉਂਕਿ ਲੋਕਾਂ ਦੇ ਹੱਥ ਤਾਕਤ ਦੇਣ ਅਤੇ " ਲੋਕ ਇਛਾ" ਦੀ ਕਦਰ ਕਰਕੇ ਸਹੀ ਲੋਕ ਰਾਜ ਲਿਆਉਣ ਤੇ ਤਰੱਕੀ ਤੇ ਤਬਦੀਲੀ ਦੇ ਰਾਹ ਪੈਣ ਦੀ ਬਜਾਏ ਅਮਰੀਕੀ ਸਾਮਰਾਜੀਏ ਹੋਰ ਮਾਅਰਕੇਬਾਜ਼ੀ ਰਾਹ ਪੈ ਰਹੇ ਹਨ।

ਇਤਹਾਸ ਮੰਗ ਕਰਦਾ ਹੈ ਕਿ ਅਮਰੀਕੀ ਸਾਮਰਾਜੀਆਂ ਦੇ ਸੰਸਾਰ ਦੇ ਲੋਕਾਂ ਨੂੰ ਆਪਣੇ ਮੁਹਰੇ ਲਾਉਣ ਦੇ ਇਰਾਦੇ ਕਾਮਯਾਬ ਨਾ ਹੋਣ ਦਿਤੇ ਜਾਣ। ਮਜ਼ਦੂਰ ਜਮਾਤ, ਔਰਤਾਂ ਤੇ ਨੌਜੁਆਨਾਂ ਨੂੰ ਅਮਰੀਕੀ ਸਾਮਰਾਜ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਆਪਣੀ ਜਦੋਜਹਿਦ ਤੇਜ਼ ਕਰਨੀ ਪਵੇਗੀ। ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕਾ ਦੇ ਲੋਕਾਂ ਨੂੰ ਦਬਾਉਣ ਅਤੇ ਅਜ਼ਾਦੀ ਤੇ ਜਮਹੂਰੀਅਤ ਦੇ ਨਾਮ ਹੇਠ ਅਮਰੀਕੀ ਨਮੂਨੇ ਦਾ ਲੋਕ ਰਾਜ ਬਾਕੀ ਦੁਨੀਆਂ ਤੇ ਠੋਸਣ ਦੇ ਸਾਮਰਾਜੀ ਮਨਸੂਬਿਆਂ ਨੂੰ ਹਰਾਉਣ ਲਈ ਵੀ ਲੋਕਾਂ ਨੂੰ ਜਦੋਜਹਿਦ ਤੇਜ਼ ਕਰਨੀ ਪਵੇਗੀ। ਜਦ ਅਮਰੀਕੀ ਸਾਮਰਾਜੀਏ ਇਹ ਕਹਿੰਦੇ ਹਨ ਕਿ "ਵਿਅਕਤੀ ਨੂੰ ਆਪਣੇ ਜ਼ਾਤੀ ਹਿਤਾਂ ਨੂੰ ਅੱਗੇ ਵਧਾਉਣ ਦੀ ਪੂਰੀ ਖੁਲ਼੍ਹ ਹੋਵੇ" ਤਾਂ ਇਸਦਾ ਅਰਥ ਇਹ ਹੈ ਕਿ ਉਹ ਲੋਕਾਂ ਦੇ ਸਮੂਹਿਕ ਹੱਕਾਂ ਦੀ ਕੋਈ ਕੀਮਤ ਨਹੀਂ ਮੰਨਦੇ, ਲੋਕਾਂ ਦੇ ਕੌਮੀ ਹੱਕਾਂ ਨੂੰ ਤਸਲੀਮ ਨਹੀਂ ਕਰਦੇ, ਮਜ਼ਦੂਰਾਂ ਦੇ ਹੱਕਾਂ ਨੂੰ ਨਹੀਂ ਮੰਨਦੇ, ਔਰਤਾਂ ਦੇ ਹੱਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਕਮਿਉਨਿਜ਼ਮ ਉਤੇ ਲੋਕਾਂ ਨੂੰ ਗੁਲਾਮ ਬਣਾਉਣ ਦਾ ਦੋਸ਼ ਲਾਉਣ ਵਾਲਾ ਸਾਮਰਾਜ ਅੱਜ ਸਰਮਾਏਦਾਰੀ ਦੇ ਮੁਨਾਫਿਆਂ ਨੂੰ ਵਧਾਉਣ ਲਈ ਸਾਰੀ ਦੁਨੀਆਂ ਦੇ ਲੋਕਾਂ ਦੀ ਬਲੀ ਦੇਣ ਦੀਆਂ ਸਕੀਮਾਂ ਬਣਾਈ ਫਿਰਦਾ ਹੈ। ਲੋਕ ਇਹ ਕਦੀ ਨਹੀਂ ਹੋਣ ਦੇਣਗੇ।

Back to top      Back to Home Page